ਸੰਘੋਲ, 30 ਸਤੰਬਰ (ਔਜਲਾ)
ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ ’ਤੇ ਸਥਿਤ ਪਿੰਡ ਖੰਟ ਵਿਖੇ ਬੀਤੀ ਰਾਤ ਚੋਰੀ ਦੀ ਨੀਅਤ ਨਾਲ ਕੁਝ ਅਣਪਛਾਤੇ ਵਿਅਕਤੀਆਂ ਦੇ ਦਾਖਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਦੀ ਗਿਣਤੀ 4-5 ਦੱਸੀ ਜਾ ਰਹੀ ਹੈ ਅਤੇ ਉਹ ਹਥਿਆਰਬੰਦ ਸਨ।
ਜਾਣਕਾਰੀ ਮੁਤਾਬਕ ਰਾਤ ਕਰੀਬ 12:30 ਵਜੇ ਇੱਕ ਕਿਸਾਨ ਖੇਤਾਂ ਨੂੰ ਪਾਣੀ ਲਾਉਣ ਲਈ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਰਸਤੇ ਵਿੱਚ ਪਸ਼ੂਆਂ ਅਤੇ ਖੇਤੀਬਾੜੀ ਮਸ਼ੀਨਰੀ ਲਈ ਬਣੇ ਵਾੜੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਦੇ ਦਾਖਲ ਹੋਣ ਦਾ ਸ਼ੱਕ ਹੋਇਆ। ਵਾੜੇ ਅੰਦਰ ਲਾਈਟਾਂ ਜਗਦੀਆਂ ਦੇਖ ਕੇ ਉਸ ਦਾ ਸ਼ੱਕ ਹੋਰ ਗਹਿਰਾ ਗਿਆ, ਜਿਸ ’ਤੇ ਉਸ ਨੇ ਆਪਣੇ ਜਾਣਕਾਰਾਂ ਨੂੰ ਫੋਨ ਕਰਕੇ ਸੂਚਿਤ ਕੀਤਾ।
ਕੁਝ ਲੋਕਾਂ ਦੇ ਇਕੱਠੇ ਹੋਣ ਦਾ ਪਤਾ ਲੱਗਦਿਆਂ ਹੀ ਕਥਿਤ ਚੋਰ ਉੱਥੋਂ ਭੱਜਣ ਲੱਗੇ ਅਤੇ ਕੰਧ ਟੱਪ ਕੇ ਦੂਜੇ ਪਾਸੇ ਫਰਾਰ ਹੋ ਗਏ। ਇਸ ਤੋਂ ਬਾਅਦ ਪਿੰਡ ਦੇ ਗੁਰੂਘਰ ਤੋਂ ਅਨਾਊਂਸਮੈਂਟ ਕਰਵਾਈ ਗਈ, ਜਿਸ ਮਗਰੋਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋ ਕੇ ਅਣਪਛਾਤੇ ਵਿਅਕਤੀਆਂ ਦੀ ਭਾਲ ਵਿੱਚ ਜੁਟ ਗਏ। ਹਾਲਾਂਕਿ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਕਿਸਾਨ ਰਣਜੋਧ ਸਿੰਘ ਨੇ ਦੱਸਿਆ ਕਿ ਵਾੜੇ ਵਿੱਚ ਗਾਵਾਂ ਅਤੇ ਖੇਤੀਬਾੜੀ ਮਸ਼ੀਨਰੀ ਖੜ੍ਹੀ ਸੀ। ਕਥਿਤ ਚੋਰਾਂ ਨੇ ਬਾਹਰਲੇ ਗੇਟ ਦਾ ਜਿੰਦਰਾ ਨਹੀਂ ਤੋੜਿਆ, ਸਗੋਂ ਕੰਧ ਟੱਪ ਕੇ ਅੰਦਰ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਇੱਕ ਲੋਹੇ ਦੇ ਦਰਵਾਜ਼ੇ ਨੂੰ ਕੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਰੌਲਾ ਪੈਣ ਮਗਰੋਂ ਉਹ ਅਤੇ ਪਿੰਡ ਵਾਸੀ ਕਈ ਘੰਟਿਆਂ ਤੱਕ ਉਨ੍ਹਾਂ ਦੀ ਭਾਲ ਕਰਦੇ ਰਹੇ।
ਰਣਜੋਧ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਵਿਅਕਤੀ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਨਾਲ ਸਬੰਧਤ ਹੋ ਸਕਦੇ ਹਨ, ਕਿਉਂਕਿ ਨੇੜਲੇ ਦੂਜੇ ਜ਼ਿਲ੍ਹੇ ਦੇ ਦੋ ਪਿੰਡਾਂ ਵਿੱਚ ਵੀ ਰਾਤ ਸਮੇਂ ਮੱਝਾਂ ਚੋਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਇਸ ਸਬੰਧੀ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।
watch….ਕਾਨੂੰਨੀ ਨੋਟਿਸ ਮਗਰੋਂ ਡਰਾਈਵਰ ਤੋਂ ਕਰੀਬ 6 ਘੰਟੇ ਪੁੱਛਗਿੱਛ, ਪੁਲਿਸ ਨੇ ਦਰਜ ਕੀਤਾ ਬਿਆਨ
ਮਾਮਲੇ ਵਿੱਚ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਨੇੜਲੇ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸਬੰਧਤ ਪੁਲਿਸ ਨੂੰ ਵੀ ਮਾਮਲੇ ਦੀ ਸੂਚਨਾ ਦਿੱਤੀ ਜਾ ਰਹੀ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਚੋਰੀ, ਲੁੱਟ-ਖੋਹ ਅਤੇ ਫਿਰੌਤੀ ਮੰਗਣ ਵਰਗੀਆਂ ਘਟਨਾਵਾਂ ਸਾਹਮਣੇ ਆਉਣ ਕਾਰਨ ਲੋਕਾਂ ਵਿੱਚ ਚਿੰਤਾ ਅਤੇ ਡਰ ਦਾ ਮਾਹੌਲ ਹੈ। ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਗਸ਼ਤ ਵਧਾਉਣ, ਸ਼ੱਕੀ ਵਿਅਕਤੀਆਂ ਦੀ ਭਾਲ ਕਰਨ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।





