ਪਟਿਆਲਾ, 13 ਜੁਲਾਈ
ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਲੈਕਚਰ ਹਾਲ ਵਿੱਚ ਬਹੁਪੱਖੀ ਲੇਖਕ ਮਹਿੰਦਰ ਸਿੰਘ ਜੱਗੀ ਦੇ ਪੰਜਾਬੀ ਮਿੰਨੀ ਕਹਾਣੀ ਸੰਗ੍ਰਹਿ ‘ਅਨੁਭਵ ਦਾ ਲੋਕ’ ਨੂੰ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਉੱਘੇ ਪੰਜਾਬੀ ਲੇਖਕ ਦਲੀਪ ਸਿੰਘ ਉੱਪਲ ਨੂੰ ਸਮਰਪਿਤ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਹਿਤਕਾਰ ਸਮਾਜ ਦਾ ਅਮੋਲਕ ਧਨ ਹੁੰਦੇ ਹਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ ਨੇ ਕਿਹਾ ਕਿ ਸਾਹਿਤਕ ਸੰਸਥਾਵਾਂ ਮਾਂ-ਬੋਲੀ ਪੰਜਾਬੀ ਦੀਆਂ ਸੱਚੀਆਂ ਰਾਖੀਆਂ ਹਨ, ਜੋ ਨਵੀਂ ਪੀੜ੍ਹੀ ਨੂੰ ਸਮਾਜਕ ਚੁਣੌਤੀਆਂ ਪ੍ਰਤੀ ਜਾਗਰੂਕ ਕਰਦੀਆਂ ਹਨ।
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲੀ ਦੇ ਪ੍ਰਧਾਨ ਇੰਜੀ. ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਨੇ ਸਾਹਿਤਕ ਇਤਿਹਾਸ ਵਿੱਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹੈ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਡਾ. ਭੀਮ ਇੰਦਰ ਸਿੰਘ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਦਲੀਪ ਸਿੰਘ ਉੱਪਲ ਨੂੰ ਸਾਹਿਤ ਸਭਾ ਰਾਹੀਂ ਯਾਦ ਕਰਨਾ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੈ।
ਪੁਸਤਕ ‘ਅਨੁਭਵ’ ਉੱਤੇ ਮੁੱਖ ਪੇਪਰ ਪੜ੍ਹਦਿਆਂ ਡਾ. ਤਰਲੋਚਨ ਕੌਰ ਨੇ ਕਿਹਾ ਕਿ ਮਹਿੰਦਰ ਸਿੰਘ ਜੱਗੀ ਦੀਆਂ ਮਿੰਨੀ ਕਹਾਣੀਆਂ ਸਮਾਜ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਡੂੰਘਾਈ ਨਾਲ ਪੇਸ਼ ਕਰਦੀਆਂ ਹਨ ਅਤੇ ਪਾਠਕ ਦੇ ਮਨ ਨੂੰ ਝੰਝੋੜਦੀਆਂ ਹਨ। ਡਾ. ਇੰਦਰਪਾਲ ਕੌਰ ਅਤੇ ਰਘਬੀਰ ਸਿੰਘ ਮਹਿਮੀ ਨੇ ਵੀ ਪੁਸਤਕ ਦੇ ਵਿਸ਼ੇ, ਸ਼ਿਲਪ ਅਤੇ ਮਿੰਨੀ ਕਹਾਣੀ ਵਿਧਾ ਵਿੱਚ ਇਸ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ।
ਪਦਮਸ਼੍ਰੀ ਪ੍ਰਾਣ ਸੱਭਰਵਾਲ ਨੇ ਕਿਹਾ ਕਿ ਮਹਿੰਦਰ ਸਿੰਘ ਜੱਗੀ ਲਿਖਣ ਦੇ ਨਾਲ-ਨਾਲ ਅਦਾਕਾਰੀ ਦੀ ਕਲਾ ਵਿੱਚ ਵੀ ਨਿਪੁੰਨ ਹਨ, ਜਦਕਿ ਹਰਦੀਪ ਸੱਭਰਵਾਲ ਨੇ ਵੀ ਪੁਸਤਕ ਦੇ ਮਹੱਤਵਪੂਰਨ ਪੱਖਾਂ ਉੱਤੇ ਚਾਨਣਾ ਪਾਇਆ।
watch…..व्यंग्य, संवेदना और बेहतरीन अभिनय का संगम बना ‘जामुन का पेड़’
ਆਪਣੇ ਸੰਬੋਧਨ ਵਿੱਚ ਮਹਿੰਦਰ ਸਿੰਘ ਜੱਗੀ ਨੇ ਕਿਹਾ ਕਿ ਉਨ੍ਹਾਂ ਦੀਆਂ ਮਿੰਨੀ ਕਹਾਣੀਆਂ ਜੀਵਨ ਦੇ ਅਸਲ ਅਨੁਭਵਾਂ ਵਿੱਚੋਂ ਜਨਮੀਆਂ ਹਨ ਅਤੇ ਮਨੁੱਖੀ ਮਾਨਸਿਕਤਾ ਨੂੰ ਕੇਂਦਰ ਵਿੱਚ ਰੱਖ ਕੇ ਲਿਖੀਆਂ ਗਈਆਂ ਹਨ।
ਸਭਾ ਦੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਬਾਬੂ ਸਿੰਘ ਰੈਹਲ, ਬਲਬੀਰ ਸਿੰਘ ਦਿਲਦਾਰ, ਨਵਦੀਪ ਸਿੰਘ ਮੁੰਡੀ ਸਮੇਤ ਹੋਰ ਬੁਲਾਰਿਆਂ ਨੇ ਵੀ ਪੁਸਤਕ ਦੇ ਵੱਖ-ਵੱਖ ਪੱਖਾਂ ਉੱਤੇ ਵਿਚਾਰ ਪ੍ਰਗਟ ਕੀਤੇ।
ਸਮਾਗਮ ਦੇ ਦੂਜੇ ਪੜਾਅ ਵਿੱਚ ਚੰਡੀਗੜ੍ਹ ਅਤੇ ਮੁਹਾਲੀ ਤੋਂ ਪਹੁੰਚੇ ਪ੍ਰਸਿੱਧ ਕਵੀ ਭਗਤ ਰਾਮ ਰੰਗਾੜਾ, ਬਾਬੂ ਰਾਮ ਦੀਵਾਨਾ ਅਤੇ ਸੁਰਜੀਤ ਸੁਮਨ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਾਹਿਤਕ ਮਹੌਲ ਨੂੰ ਹੋਰ ਰੰਗਤ ਬਖ਼ਸ਼ੀ। ਇਸ ਤੋਂ ਇਲਾਵਾ ਕਈ ਹੋਰ ਲੇਖਕਾਂ ਅਤੇ ਕਵੀਆਂ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਨ੍ਹਾਂ ਉੱਤੇ ਵਿਚਾਰ-ਚਰਚਾ ਕੀਤੀ ਗਈ।
ਸਮਾਗਮ ਵਿੱਚ ਕਈ ਉੱਘੀਆਂ ਸਾਹਿਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਅੰਤ ਵਿੱਚ ਸਭਾ ਦੇ ਸਰਪ੍ਰਸਤ ਬਾਬੂ ਸਿੰਘ ਰੈਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ, ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦਵਿੰਦਰ ਪਟਿਆਲਵੀ ਨੇ ਨਿਭਾਈ। ਸਮਾਗਮ ਦੇ ਸਮਾਪਨ ਮੌਕੇ ਉੱਘੇ ਸਾਹਿਤਕਾਰ ਦਲੀਪ ਸਿੰਘ ਉੱਪਲ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ।




