Homeਪੰਜਾਬੀਪੰਜਾਬਪੰਜਾਬ ਦੀ ਤਕਨੀਕੀ ਸਿੱਖਿਆ ’ਚ ਵੱਡਾ ਬਦਲਾਅ, ITI-ਪੌਲੀਟੈਕਨਿਕਾਂ ਨੂੰ ਉਦਯੋਗਾਂ ਨਾਲ ਜੋੜਨ...

ਪੰਜਾਬ ਦੀ ਤਕਨੀਕੀ ਸਿੱਖਿਆ ’ਚ ਵੱਡਾ ਬਦਲਾਅ, ITI-ਪੌਲੀਟੈਕਨਿਕਾਂ ਨੂੰ ਉਦਯੋਗਾਂ ਨਾਲ ਜੋੜਨ ’ਤੇ ਜ਼ੋਰ

- Advertisement -spot_img

ਚੰਡੀਗੜ੍ਹ, 3 ਸਤੰਬਰ
ਸਕੂਲ ਸਿੱਖਿਆ ਵਿੱਚ ਸੁਧਾਰਾਂ ਤੋਂ ਬਾਅਦ ਪੰਜਾਬ ਸਰਕਾਰ ਹੁਣ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਵੀ ਵੱਡੇ ਬਦਲਾਅ ਵੱਲ ਵਧ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਰਕਾਰੀ ਪੌਲੀਟੈਕਨਿਕਾਂ ਅਤੇ ਆਈ.ਟੀ.ਆਈਜ਼ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਢਾਲਣ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਇਸੇ ਦਿਸ਼ਾ ਵਿੱਚ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (PSBTE&IT) ਵੱਲੋਂ ਅੱਜ ਖੇਤਰੀ ਇੰਡਸਟਰੀ-ਅਕਾਦਮੀਆ ਕਨਕਲੇਵ ਕਰਵਾਇਆ ਗਿਆ। ਇਸ ਸੰਮੇਲਨ ਦਾ ਉਦੇਸ਼ ਤਕਨੀਕੀ ਸਿੱਖਿਆ ਨੂੰ ਉਦਯੋਗ ਦੀਆਂ ਅਸਲ ਅਤੇ ਬਦਲਦੀਆਂ ਲੋੜਾਂ ਨਾਲ ਜੋੜਨ ਲਈ ਪ੍ਰਮੁੱਖ ਕੰਪਨੀਆਂ ਅਤੇ ਉਦਯੋਗਪਤੀਆਂ ਨੂੰ ਇੱਕ ਮੰਚ ’ਤੇ ਲਿਆਉਣਾ ਸੀ।

ਸੰਮੇਲਨ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਕਦਮ ਪੰਜਾਬ ਦੀਆਂ ਸਰਕਾਰੀ ਪੌਲੀਟੈਕਨਿਕਾਂ ਅਤੇ ਆਈ.ਟੀ.ਆਈਜ਼ ਵਿੱਚ ਕੀਤੇ ਜਾ ਰਹੇ ਵਿਆਪਕ ਸੁਧਾਰਾਂ ਦਾ ਹਿੱਸਾ ਹੈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਅਕਾਦਮਿਕ ਗਿਆਨ ਅਤੇ ਉਦਯੋਗ ਵਿੱਚ ਲੋੜੀਂਦੇ ਵਿਹਾਰਕ ਹੁਨਰਾਂ ਵਿਚਕਾਰਲੇ ਪਾੜੇ ਨੂੰ ਖਤਮ ਕਰਨਾ ਹੈ।

ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੱਖਿਆ ਪ੍ਰਣਾਲੀ ਵਿੱਚ ਅਜਿਹੇ ਨੌਜਵਾਨ ਤਿਆਰ ਹੁੰਦੇ ਰਹੇ ਜੋ ਡਿਗਰੀ ਤਾਂ ਹਾਸਲ ਕਰ ਲੈਂਦੇ ਸਨ ਪਰ ਉਨ੍ਹਾਂ ਕੋਲ ਰੁਜ਼ਗਾਰ ਲਈ ਲੋੜੀਂਦੇ ਹੁਨਰ ਨਹੀਂ ਹੁੰਦੇ ਸਨ। ਪੰਜਾਬ ਸਰਕਾਰ ਹੁਣ ਇਸ ਪ੍ਰਣਾਲੀ ਵਿੱਚ ਬਦਲਾਅ ਲਿਆ ਰਹੀ ਹੈ ਅਤੇ ਕਲਾਸਰੂਮ ਨੂੰ ਉਦਯੋਗ ਨਾਲ ਸਿੱਧੇ ਤੌਰ ’ਤੇ ਜੋੜਨ ਲਈ ਕੰਮ ਕੀਤਾ ਜਾ ਰਿਹਾ ਹੈ।

watch….ਲਾਵਾਰਿਸ ਲਾਸ਼ਾਂ ਦੀ ਡਿਜੀਟਲ ਸ਼ਨਾਖ਼ਤ ਲਈ ਦੇਸ਼ ਦਾ ਪਹਿਲਾ ‘ਪਹਿਚਾਣ’ ਪੋਰਟਲ ਪੰਜਾਬ ’ਚ ਸ਼ੁਰੂ

ਬੈਂਸ ਨੇ ਕਿਹਾ ਕਿ ਪੰਜਾਬ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚ 27ਵੇਂ ਸਥਾਨ ਤੋਂ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ ਅਤੇ ਸਰਕਾਰ ਦਾ ਟੀਚਾ ਸੂਬੇ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਆਪਣੇ ਸੰਸਥਾਨ ਤੋਂ ਬਿਨਾਂ ਰੁਜ਼ਗਾਰ ਜਾਂ ਅੱਗੇ ਵਧਣ ਦੇ ਮੌਕੇ ਤੋਂ ਵਾਂਝਾ ਨਹੀਂ ਜਾਣਾ ਚਾਹੀਦਾ।

ਉਨ੍ਹਾਂ ਦੱਸਿਆ ਕਿ ਆਈ.ਟੀ.ਆਈਜ਼ ਅਤੇ ਪੌਲੀਟੈਕਨਿਕਾਂ ਨੂੰ ਰੁਜ਼ਗਾਰ ਮੁਖੀ ਸੰਸਥਾਵਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਮਸ਼ੀਨਾਂ, ਤਕਨਾਲੋਜੀਆਂ ਅਤੇ ਪ੍ਰੈਕਟੀਕਲ ਕੰਮਾਂ ਨਾਲ ਜੋੜਿਆ ਜਾਵੇਗਾ, ਜਿਨ੍ਹਾਂ ਦੀ ਵਰਤੋਂ ਉਹ ਆਪਣੇ ਪੇਸ਼ੇਵਰ ਜੀਵਨ ਵਿੱਚ ਕਰਨਗੇ। ਪਾਠਕ੍ਰਮ ਵਿੱਚ ਉਦਯੋਗ ਦੀ ਭਾਗੀਦਾਰੀ ਨਾਲ ਵਿਦਿਆਰਥੀਆਂ ਨੂੰ ਬਦਲ ਰਹੀਆਂ ਰੁਜ਼ਗਾਰ ਲੋੜਾਂ ਅਨੁਸਾਰ ਤਿਆਰ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਮੰਤਰੀ ਨੇ ਉਦਯੋਗਪਤੀਆਂ ਨੂੰ ਇਸ ਸੁਧਾਰ ਪ੍ਰਕਿਰਿਆ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਦਯੋਗ ਅਤੇ ਵਿਦਿਅਕ ਸੰਸਥਾਵਾਂ ਵਿਚਕਾਰ ਮਜ਼ਬੂਤ ਸਾਂਝੇਦਾਰੀ ਨਾਲ ਪੰਜਾਬ ਨੂੰ ਇੱਕ ਹੁਨਰਮੰਦ ਕਾਰਜਬਲ ਮਿਲੇਗਾ, ਜੋ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਨਵੀਆਂ ਉਚਾਈਆਂ ਤੱਕ ਲੈ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਡਿਪਲੋਮਾ ਕੋਰਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਪੂਰੇ ਸਮੈਸਟਰ ਦੀ ਇੰਟਰਨਸ਼ਿਪ ਲਾਜ਼ਮੀ ਕੀਤੀ ਗਈ ਹੈ, ਜਦਕਿ ਫੈਕਲਟੀ ਲਈ ਸਾਲਾਨਾ 40 ਘੰਟਿਆਂ ਤੋਂ ਵੱਧ ਦੀ ਸਿਖਲਾਈ ਲਾਜ਼ਮੀ ਕੀਤੀ ਗਈ ਹੈ। ਪੌਲੀਟੈਕਨਿਕਾਂ ਨੂੰ ਸੈਂਟਰ ਆਫ਼ ਐਕਸੀਲੈਂਸ, ਆਧੁਨਿਕ ਮਸ਼ੀਨਰੀ ਅਤੇ ਇਨੋਵੇਸ਼ਨ ਲੈਬਾਂ ਰਾਹੀਂ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਪ੍ਰਿੰਸੀਪਲਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਆਈ.ਆਈ.ਐਮ. ਅਹਿਮਦਾਬਾਦ ਅਤੇ ਆਈ.ਆਈ.ਐਮ. ਅੰਮ੍ਰਿਤਸਰ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ, ਜਦਕਿ ਆਈ.ਆਈ.ਟੀ. ਰੋਪੜ, ਆਈ.ਆਈ.ਐੱਸ.ਈ.ਆਰ. ਅਤੇ ਐਨ.ਆਈ.ਐਫ.ਟੀ. ਵਿੱਚ ਫੈਕਲਟੀ ਵਿਕਾਸ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਟਾਟਾ ਸਟੀਲ ਵਰਗੀਆਂ ਸੰਸਥਾਵਾਂ ਵਿੱਚ ਉਦਯੋਗਿਕ ਤਜਰਬੇ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਪੰਜ ਪੌਲੀਟੈਕਨਿਕਾਂ ਵਿੱਚ ਇਨੋਵੇਸ਼ਨ ਲੈਬਾਂ ਦਾ ਉਦਘਾਟਨ

ਬੈਂਸ ਨੇ ਦੱਸਿਆ ਕਿ ਖੂਨੀਮਾਜਰਾ, ਬਠਿੰਡਾ, ਫਿਰੋਜ਼ਪੁਰ, ਬਡਬਰ ਅਤੇ ਤਲਵਾੜਾ ਸਥਿਤ ਪੰਜ ਸਰਕਾਰੀ ਪੌਲੀਟੈਕਨਿਕਾਂ ਵਿੱਚ ਅਤਿ-ਆਧੁਨਿਕ ਇਨੋਵੇਸ਼ਨ ਲੈਬਾਂ ਦਾ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਲੈਬਾਂ ਵਿੱਚ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਨਾਲ ਕੰਮ ਕਰਨ, ਪ੍ਰੋਟੋਟਾਈਪ ਤਿਆਰ ਕਰਨ ਅਤੇ ਅਸਲ ਸਮੱਸਿਆਵਾਂ ਦਾ ਹੱਲ ਲੱਭਣ ਦਾ ਮੌਕਾ ਮਿਲੇਗਾ।

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਕਿਹਾ ਕਿ ਪੰਜਾਬ ਦੀ ਤਕਨੀਕੀ ਸਿੱਖਿਆ ਪ੍ਰਣਾਲੀ ਹੁਣ ਰਵਾਇਤੀ ਮਾਡਲ ਤੋਂ ਅੱਗੇ ਵਧ ਕੇ ਭਵਿੱਖ ਦੀਆਂ ਤਕਨਾਲੋਜੀਆਂ ਅਤੇ ਉਦਯੋਗਿਕ ਲੋੜਾਂ ਅਨੁਸਾਰ ਆਪਣੇ ਆਪ ਨੂੰ ਢਾਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜ ਇਨੋਵੇਸ਼ਨ ਲੈਬਾਂ ਵਿੱਚ 34 ਪ੍ਰਿੰਟਰਾਂ ਸਮੇਤ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ।

ਵਿਕਾਸ ਪ੍ਰਤਾਪ ਨੇ ਕਿਹਾ ਕਿ ਇੰਡਸਟਰੀ-ਅਕਾਦਮੀਆ ਕਨਕਲੇਵ ਸਿਰਫ਼ ਇੱਕ ਦਿਨ ਦਾ ਸੰਵਾਦ ਨਹੀਂ, ਸਗੋਂ ਤਕਨੀਕੀ ਸਿੱਖਿਆ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਲੰਬੇ ਸਮੇਂ ਦੀ ਸਾਂਝੇਦਾਰੀ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਵੱਲੋਂ ਦਿੱਤੇ ਜਾਇਜ਼ ਸੁਝਾਵਾਂ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਕਲਾਸਰੂਮ ਅਤੇ ਫੈਕਟਰੀ ਵਿਚਕਾਰਲਾ ਪਾੜਾ ਖਤਮ ਕੀਤਾ ਜਾ ਸਕੇ।

ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਪ੍ਰੋ. (ਡਾ.) ਸੰਦੀਪ ਕਾਂਸਲ ਨੇ ਕਿਹਾ ਕਿ ਬੋਰਡ ਤਕਨੀਕੀ ਸਿੱਖਿਆ ਨੂੰ ਵਧੇਰੇ ਵਿਹਾਰਕ ਅਤੇ ਉਦਯੋਗਿਕ ਲੋੜਾਂ ਦੇ ਅਨੁਕੂਲ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੰਮੇਲਨ ਦੌਰਾਨ ਇੰਟਰਨਸ਼ਿਪ, ਪਲੇਸਮੈਂਟ, ਪਾਠਕ੍ਰਮ ਵਿੱਚ ਉਦਯੋਗਿਕ ਸੁਝਾਅ, ਲੈਬਾਂ ਦੇ ਅਪਗ੍ਰੇਡੇਸ਼ਨ ਅਤੇ ਮਾਹਿਰਾਂ ਦੀ ਅਗਵਾਈ ਹੇਠ ਸਿਖਲਾਈ ਵਰਗੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਉਦਯੋਗ ਅਤੇ ਤਕਨੀਕੀ ਸੰਸਥਾਵਾਂ ਵਿਚਕਾਰ ਕਾਰਜਸ਼ੀਲ ਅਤੇ ਲੰਬੇ ਸਮੇਂ ਦੀ ਭਾਈਵਾਲੀ ਸਥਾਪਤ ਕਰਨਾ ਬੋਰਡ ਦਾ ਮੁੱਖ ਉਦੇਸ਼ ਹੈ। ਇਸ ਤੋਂ ਇਲਾਵਾ ਉੱਭਰ ਰਹੇ ਹੁਨਰਾਂ ਦੀ ਪਛਾਣ, ਪਾਠਕ੍ਰਮ ਵਿੱਚ ਲੋੜੀਂਦੇ ਬਦਲਾਅ, ਲੈਬਾਂ ਅਤੇ ਵਰਕਸ਼ਾਪਾਂ ਨੂੰ ਆਧੁਨਿਕ ਬਣਾਉਣ ਅਤੇ ਵਿਦਿਆਰਥੀਆਂ ਤੇ ਫੈਕਲਟੀ ਦੀ ਸਿਖਲਾਈ ਵਿੱਚ ਉਦਯੋਗ ਮਾਹਿਰਾਂ ਦੀ ਭੂਮਿਕਾ ਵਧਾਉਣ ’ਤੇ ਵੀ ਚਰਚਾ ਹੋਈ।

ਸੰਮੇਲਨ ਵਿੱਚ ਨਿਰਮਾਣ, ਆਟੋਮੋਟਿਵ ਅਤੇ ਆਟੋ ਕੰਪੋਨੈਂਟਸ, ਫਾਰਮਾਸਿਊਟੀਕਲ, ਨਵਿਆਉਣਯੋਗ ਊਰਜਾ, ਇਲੈਕਟ੍ਰਾਨਿਕਸ, ਸੂਚਨਾ ਤਕਨਾਲੋਜੀ, ਸਟੀਲ ਅਤੇ ਇੰਜੀਨੀਅਰਿੰਗ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਉਦਯੋਗਿਕ ਸੰਸਥਾਵਾਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

ਇਸ ਮੌਕੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ, ਤਕਨੀਕੀ ਸਿੱਖਿਆ ਦੇ ਡਾਇਰੈਕਟਰ ਮੋਨੀਸ਼ ਕੁਮਾਰ, ਡਾਇਰੈਕਟਰ (ਅਕਾਦਮਿਕ), ਪੀ.ਐਸ.ਬੀ.ਟੀ.ਈ.ਆਈ.ਟੀ. ਡਾ. ਭਰਤ ਨਰੇਸ਼ ਬਾਂਸਲ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here