ਸੰਘੋਲ, 22 ਅਕਤੂਬਰ (ਔਜਲਾ)
ਨਜ਼ਦੀਕੀ ਪਿੰਡ ਬੌੜ ਦੇ ਖੇਤਾਂ ਵਿੱਚ ਪਰਾਲੀ ਦੀਆਂ ਗੰਢਾਂ ਨਾਲ ਲੱਦੀ ਇੱਕ ਟਰਾਲੀ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਪਰਾਲੀ ਦੀਆਂ ਗੰਢਾਂ ਦੇ ਟਕਰਾਉਣ ਕਾਰਨ ਲੱਗੀ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰਾਲੀ ਦੇ ਟਾਇਰਾਂ ਅਤੇ ਹੋਰ ਸਾਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ।
ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੇ ਖੇਤਾਂ ਵਿੱਚ ਪਰਾਲੀ ਦੀਆਂ ਗੰਢਾਂ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਟਰਾਲੀ ਵਿੱਚ ਲੱਦਿਆ ਗਿਆ ਸੀ। ਜਦੋਂ ਟਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਉਸ ਵਿੱਚ ਲੱਦੀਆਂ ਪਰਾਲੀ ਦੀਆਂ ਗੰਢਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈਆਂ। ਇਸ ਤੋਂ ਬਾਅਦ ਪਰਾਲੀ ਨੂੰ ਅੱਗ ਲੱਗ ਗਈ, ਜਿਸ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਲੋਕਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਜੇਸੀਬੀ ਅਤੇ ਹੋਰ ਟਰੈਕਟਰਾਂ ਦੀ ਮਦਦ ਨਾਲ ਟਰੈਕਟਰ ਨੂੰ ਟਰਾਲੀ ਤੋਂ ਵੱਖ ਕਰ ਲਿਆ, ਤਾਂ ਜੋ ਅੱਗ ਕਾਰਨ ਟਰੈਕਟਰ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।
watch…Gen Z ਨੂੰ ਸਿਆਸਤ ਵਿੱਚ ਵੱਧ ਮੌਕੇ ਦੇਣ ਦੀ ਮੰਗ, ਚੋਣਾਂ ਲੜਨ ਦੀ ਉਮਰ 25 ਤੋਂ ਘਟਾ ਕੇ 21 ਸਾਲ ਕੀਤੀ ਜਾਵੇ
ਟਰਾਲੀ ਦਾ ਆਕਾਰ ਵੱਡਾ ਹੋਣ ਕਾਰਨ ਉਸ ਨੂੰ ਮੌਕੇ ਤੋਂ ਪਾਸੇ ਕਰਨ ਵਿੱਚ ਕਾਫ਼ੀ ਮੁਸ਼ਕਲ ਆਈ। ਹਾਲਾਂਕਿ, ਲੋਕਾਂ ਦੀ ਫੁਰਤੀ ਕਾਰਨ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਅੱਗ ਨਾਲ ਟਰਾਲੀ ਦੇ ਟਾਇਰ ਅਤੇ ਹੋਰ ਸਾਮਾਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਭਮੀਆਂ ਵਿਖੇ ਵੀ ਪਰਾਲੀ ਨਾਲ ਲੱਦੀ ਟਰਾਲੀ ਨੂੰ ਅੱਗ ਲੱਗਣ ਦੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ।





