ਭਾਜਪਾ ਦੀ, ਵਤਨ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ’ਤੇ ਦੇਸ਼ ਵਿਰੋਧੀ ਹੋਣ ਦਾ ਠੱਪਾ ਲਾਉਣ ਵਾਲੀ ਨੀਤੀ
–ਮਾਲਵਾ ਖੇਤਰ ਵਿੱਚ ਪਹੁੰਚੀ ਸ਼ੁਕਰਾਨਾ ਯਾਤਰਾ
ਬਠਿੰਡਾ, 8 ਮਈ:
ਸ਼ੁਕਰਾਨਾ ਯਾਤਰਾ ਦੇ ਤੀਜੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਵਤਨ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ’ਤੇ ਦੇਸ਼ ਵਿਰੋਧੀ ਹੋਣ ਦਾ ਠੱਪਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ, “ਭਾਜਪਾ ਅਤੇ ਫਿਰਕੂ ਤਾਕਤਾਂ ਪੰਜਾਬ ਦੀ ਭਾਈਚਾਰਕ ਸਾਂਝ ਦੀਆਂ ਮਜ਼ਬੂਤ ਤੰਦਾਂ ਨੂੰ ਤੋੜਨ ਦੀ ਗਹਿਰੀ ਸਾਜ਼ਿਸ਼ ਰਚ ਰਹੀਆਂ ਹਨ, ਪਰ ਅਸੀਂ ਇਨ੍ਹਾਂ ਨਾਪਾਕ ਮਨਸੂਬਿਆਂ ਨੂੰ ਕਦੇ ਸਫਲ ਨਹੀਂ ਹੋਣ ਦਿਆਂਗੇ।”
ਉਨ੍ਹਾਂ ਆਖਿਆ ਕਿ ਇਹ ਫਿਰਕੂ ਲੋਕ ਪਹਿਲਾਂ ਕਿਸੇ ਸੂਬੇ ਵਿੱਚ ਦੋ ਭਾਈਚਾਰਿਆਂ ਵਿਚਾਲੇ ਫੁੱਟ ਪਾਉਂਦੇ ਹਨ, ਫਿਰ ਇੱਕ ਭਾਈਚਾਰੇ ਦਾ ਸਾਥ ਦੇ ਕੇ ਦੂਜੇ ਨੂੰ ਡਰਾ ਕੇ ਵੋਟਾਂ ਬਟੋਰਦੇ ਹਨ। ਉਨ੍ਹਾਂ ਬੰਗਾਲ ਦਾ ਹਵਾਲਾ ਦਿੰਦਿਆਂ ਕਿਹਾ, “ਜਿਵੇਂ ਹੀ ਭਾਜਪਾ ਬੰਗਾਲ ਵਿੱਚ ਸੱਤਾ ਵਿੱਚ ਆਈ, ਉੱਥੇ ਡਰ ਅਤੇ ਭੈਅ ਦਾ ਮਾਹੌਲ ਬਣ ਗਿਆ। ਉਹੀ ਖੇਡ ਪੰਜਾਬ ਵਿੱਚ ਵੀ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਸਾਜ਼ਿਸ਼ ਨਾਕਾਮ ਹੋਵੇਗੀ।”
ਬੇਅਦਬੀ ਵਿਰੋਧੀ ਕਾਨੂੰਨ ਬਾਰੇ
ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਹੁਣ ਮਾਨਸਿਕ ਰੋਗੀ ਹੋਣ ਦਾ ਬਹਾਨਾ ਨਹੀਂ ਚੱਲੇਗਾ। ਰਖਵਾਲੇ ਜਾਂ ਸਾਜ਼ਿਸ਼ਕਰਤਾ ਨੂੰ ਵੀ ਉਮਰ ਕੈਦ ਅਤੇ 50 ਲੱਖ ਰੁਪਏ ਤੱਕ ਜੁਰਮਾਨੇ ਦੀ ਸਜ਼ਾ ਹੋਵੇਗੀ।
watch…ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਉਮਰ ਕੈਦ! ਮਾਨ ਸਰਕਾਰ ਨੇ ਬਿੱਲ ਨੂੰ ਦਿੱਤੀ ਮਨਜ਼ੂਰੀ
ਆਰ.ਐੱਸ.ਐੱਸ. ਉੱਤੇ ਹਮਲਾ
ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਨੇ 52 ਸਾਲ ਤੱਕ ਆਪਣੇ ਹੈੱਡਕੁਆਰਟਰ ਉੱਤੇ ਤਿਰੰਗਾ ਨਹੀਂ ਲਹਿਰਾਇਆ ਅਤੇ ਆਜ਼ਾਦੀ ਸੰਘਰਸ਼ ਵਿੱਚ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ ਸੀ, ਫਿਰ ਵੀ ਉਹ ਦੂਜਿਆਂ ਨੂੰ ਦੇਸ਼ਭਗਤੀ ਦਾ ਸਰਟੀਫਿਕੇਟ ਵੰਡ ਰਹੇ ਹਨ।
ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਲੁੱਟੇਰੇ ਕਰਾਰ ਦਿੰਦਿਆਂ ਕਿਹਾ ਕਿ ਉਹ ਇੱਕ ਵਾਰ ਫਿਰ ਪੰਜਾਬ ਨੂੰ ਲੁੱਟਣ ਲਈ ਮੌਕਾ ਤਲਾਸ਼ ਰਹੀਆਂ ਹਨ, ਪਰ ਪੰਜਾਬੀ ਉਨ੍ਹਾਂ ਨੂੰ ਸੱਤਾ ਵਿੱਚ ਨਹੀਂ, ਸਗੋਂ ਜੇਲ੍ਹ ਵਿੱਚ ਭੇਜਣਗੇ।
ਸ਼ੁਕਰਾਨਾ ਯਾਤਰਾ
ਸ਼ੁਕਰਾਨਾ ਯਾਤਰਾ ਦੇ ਤੀਜੇ ਦਿਨ ਬਠਿੰਡਾ ਤੋਂ ਰਵਾਨਾ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਲਵੰਡੀ ਸਾਬੋ, ਬਠਿੰਡਾ ਸ਼ਹਿਰ ਅਤੇ ਕੋਟਸ਼ਮੀਰ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ।
ਯਾਤਰਾ 9 ਮਈ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗੀ।


