ਚੰਡੀਗੜ੍ਹ, 26 ਅਗਸਤ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬੀ.ਬੀ.ਏ. ਭਾਗ ਤੀਜਾ ਦੇ ਪੰਜਵੇਂ ਸਮੈਸਟਰ ਵਿੱਚੋਂ ਪੰਜਾਬੀ ਵਿਸ਼ਾ ਹਟਾਉਣ ਦੇ ਫ਼ੈਸਲੇ ਦਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਸਖ਼ਤ ਵਿਰੋਧ ਕੀਤਾ ਹੈ। ਸਭਾ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੰਜਾਬੀ ਨੂੰ ਤੁਰੰਤ ਮੁੜ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਗ੍ਰੈਜੂਏਸ਼ਨ ਪੱਧਰ ਦੇ ਸਾਰੇ ਕੋਰਸਾਂ ਵਿੱਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਵਿਸ਼ੇ ਵਜੋਂ ਯਕੀਨੀ ਬਣਾਈ ਜਾਵੇ।
ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਤੋਂ ਪਹਿਲਾਂ ਵੀ ਬੀ.ਸੀ.ਏ. ਸਮੇਤ ਕੁਝ ਹੋਰ ਕੋਰਸਾਂ ਦੇ ਦੂਜੇ ਅਤੇ ਤੀਜੇ ਭਾਗ ਵਿੱਚੋਂ ਪੰਜਾਬੀ ਵਿਸ਼ਾ ਹਟਾਇਆ ਗਿਆ ਸੀ। ਉਸ ਸਮੇਂ ਪੰਜਾਬੀ ਪ੍ਰੇਮੀਆਂ, ਸਾਹਿਤਕ ਜਥੇਬੰਦੀਆਂ ਅਤੇ ਸਾਹਿਤ ਸਭਾਵਾਂ ਵੱਲੋਂ ਕੀਤੇ ਵਿਰੋਧ ਤੋਂ ਬਾਅਦ ਯੂਨੀਵਰਸਿਟੀ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ ਸੀ। ਉਨ੍ਹਾਂ ਕਿਹਾ ਕਿ ਹੁਣ ਮੁੜ ਪੰਜਾਬੀ ਨੂੰ ਸਿਲੇਬਸ ਵਿੱਚੋਂ ਹਟਾਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਮੂਲ ਉਦੇਸ਼ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਵਿਕਾਸ ਤੇ ਪ੍ਰਸਾਰ ਕਰਨਾ ਹੈ। ਅਜਿਹੇ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਵਿੱਚੋਂ ਪੰਜਾਬੀ ਨੂੰ ਹਟਾਉਣ ਦੀ ਬਜਾਏ ਇਸ ਦੇ ਅਧਿਐਨ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਪੰਜਾਬੀ ਸਿਰਫ਼ ਇੱਕ ਅਕਾਦਮਿਕ ਵਿਸ਼ਾ ਨਹੀਂ, ਸਗੋਂ ਪੰਜਾਬ ਦੀ ਭਾਸ਼ਾਈ, ਸਾਹਿਤਕ ਅਤੇ ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਹੈ।
watch…ਨਵੀਆਂ ਅਸਾਮੀਆਂ ਲਈ ਫੰਡ, ਪਰ ਕੰਟਰੈਕਟ ਅਧਿਆਪਕਾਂ ਦੇ ਹੱਕਾਂ ਲਈ ਨਹੀਂ? ਪੁਕਟਾ ਨੇ ਘੇਰੀ ਯੂਨੀਵਰਸਿਟੀ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਬੀ.ਬੀ.ਏ. ਭਾਗ ਤੀਜਾ ਦੇ ਪੰਜਵੇਂ ਸਮੈਸਟਰ ਵਿੱਚ ਪੰਜਾਬੀ ਨੂੰ ਤੁਰੰਤ ਮੁੜ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਜਿਨ੍ਹਾਂ ਹੋਰ ਕੋਰਸਾਂ ਵਿੱਚੋਂ ਪੰਜਾਬੀ ਵਿਸ਼ਾ ਹਟਾਇਆ ਗਿਆ ਹੈ, ਉਨ੍ਹਾਂ ਵਿੱਚ ਵੀ ਇਸ ਨੂੰ ਮੁੜ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਗ੍ਰੈਜੂਏਸ਼ਨ ਪੱਧਰ ਦੇ ਸਾਰੇ ਕੋਰਸਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਨਾ ਪੰਜਾਬੀ ਯੂਨੀਵਰਸਿਟੀ ਦੀ ਆਪਣੀ ਭਾਸ਼ਾਈ ਅਤੇ ਅਕਾਦਮਿਕ ਜ਼ਿੰਮੇਵਾਰੀ ਹੈ।
ਸਭਾ ਨੇ ਪੰਜਾਬੀ ਪ੍ਰੇਮੀਆਂ, ਲੇਖਕਾਂ, ਸਾਹਿਤਕ ਜਥੇਬੰਦੀਆਂ ਅਤੇ ਸਾਹਿਤ ਸਭਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬੀ ਦੇ ਹੱਕ ਵਿੱਚ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਇਸ ਫ਼ੈਸਲੇ ਨੂੰ ਵਾਪਸ ਕਰਵਾਉਣ ਅਤੇ ਉੱਚ ਸਿੱਖਿਆ ਵਿੱਚ ਪੰਜਾਬੀ ਦਾ ਸਥਾਨ ਹੋਰ ਮਜ਼ਬੂਤ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ।





