Homeਪੰਜਾਬੀਖੇਡਾਂ87 ਮਹਾਰਾਜਾ ਰਣਜੀਤ ਸਿੰਘ ਐਵਾਰਡ, 1070 ਖਿਡਾਰੀ ਸਨਮਾਨਿਤ… ਪੰਜਾਬ ਨੇ ਰਚਿਆ ਇਤਿਹਾਸ

87 ਮਹਾਰਾਜਾ ਰਣਜੀਤ ਸਿੰਘ ਐਵਾਰਡ, 1070 ਖਿਡਾਰੀ ਸਨਮਾਨਿਤ… ਪੰਜਾਬ ਨੇ ਰਚਿਆ ਇਤਿਹਾਸ

- Advertisement -spot_img

ਚੰਡੀਗੜ੍ਹ, 24 ਮਈ

ਪੰਜਾਬ ਦੇ ਖੇਡ ਇਤਿਹਾਸ ਵਿੱਚ ਅੱਜ ਇੱਕ ਨਵਾਂ ਸੁਨਹਿਰੀ ਅਧਿਆਇ ਜੁੜ ਗਿਆ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ 87 ਖਿਡਾਰੀਆਂ ਨੂੰ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਅਤੇ ਵੱਖ-ਵੱਖ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ 1070 ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ। ਚੰਡੀਗੜ੍ਹ ਦੇ ਸੈਕਟਰ-35 ਸਥਿਤ ਮਿਊਂਸਪਲ ਭਵਨ ਵਿੱਚ ਹੋਏ ਵਿਸ਼ਾਲ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੀ ਉਭਰਦੀ ਖੇਡ ਸ਼ਕਤੀ ਕਰਾਰ ਦਿੰਦਿਆਂ ਖੇਡਾਂ ਦੇ ਵਿਕਾਸ ਲਈ ਕਈ ਇਤਿਹਾਸਕ ਐਲਾਨ ਕੀਤੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਓਲੰਪਿਕ ਅਤੇ ਏਸ਼ੀਆਈ ਖੇਡਾਂ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕਰਨ ਦੇ ਨਾਲ-ਨਾਲ 9 ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ 220 ਖਿਡਾਰੀਆਂ ਨੂੰ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਤਿਆਰੀ ਲਈ 8.61 ਕਰੋੜ ਰੁਪਏ ਦੀ ਸਿੱਧੀ ਵਿੱਤੀ ਸਹਾਇਤਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਗਈ ਹੈ।

ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੇ ਸਾਲ 2026-27 ਲਈ 1763 ਕਰੋੜ ਰੁਪਏ ਦਾ ਰਿਕਾਰਡ ਖੇਡ ਬਜਟ ਰੱਖਿਆ ਹੈ। ਇਸ ਦੇ ਨਾਲ ਹੀ ਪਿੰਡਾਂ ਵਿੱਚ ਉਭਰਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ 1300 ਕਰੋੜ ਰੁਪਏ ਦੀ ਲਾਗਤ ਨਾਲ 3148 ਪੇਂਡੂ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੈਦਾਨ ਪਿੰਡਾਂ ਦੇ ਨੌਜਵਾਨਾਂ ਲਈ ਨਵੀਆਂ ਉਡਾਣਾਂ ਦਾ ਆਧਾਰ ਬਣਣਗੇ।

watch…..MS Dhoni’s IPL 2026 Return: What Fans Can Expect

ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ ਅਤੇ ਪੰਜਾਬ ਦਿਵਸ ਮੌਕੇ ਭਾਰਤ-ਪਾਕਿਸਤਾਨ ਵਿਚਕਾਰ ਰੋਮਾਂਚਕ ਮੁਕਾਬਲਾ ਖੇਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅਣਗਿਣਤ ਚੈਂਪੀਅਨ ਅਤੇ ਮੈਡਲ ਦਿੱਤੇ ਹਨ, ਪਰ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਸੂਬੇ ਨੂੰ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਦਾ ਮੌਕਾ ਨਹੀਂ ਦਿੱਤਾ।

ਮੁੱਖ ਮੰਤਰੀ ਨੇ ਪੁਰਾਣੇ ਸਿਸਟਮ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਖੇਡ ਐਸੋਸੀਏਸ਼ਨਾਂ ’ਤੇ ਸਿਆਸੀ ਲੋਕਾਂ ਦਾ ਦਬਦਬਾ ਹੁੰਦਾ ਸੀ, ਪਰ ਹੁਣ ਪੰਜਾਬ ਸਰਕਾਰ ਨੇ ਮੈਰਿਟ ਦੇ ਆਧਾਰ ’ਤੇ ਅਸਲ ਖਿਡਾਰੀਆਂ ਨੂੰ ਅੱਗੇ ਲਿਆਉਣ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ “ਜਿੱਤ ਤੋਂ ਬਾਅਦ ਇਨਾਮ” ਵਾਲੇ ਮਾਡਲ ਤੋਂ ਹਟ ਕੇ “ਜਿੱਤ ਤੋਂ ਪਹਿਲਾਂ ਸਹਾਇਤਾ” ਵਾਲੀ ਸੋਚ ਨਾਲ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਨਵੇਂ ਪੰਜਾਬ ਸਪੋਰਟਸ ਪੋਰਟਲ ਰਾਹੀਂ ਖਿਡਾਰੀਆਂ ਨੂੰ ਟ੍ਰੇਨਿੰਗ ਅਤੇ ਖੇਡ ਉਪਕਰਨਾਂ ਲਈ 15 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਇਸ ਪੋਰਟਲ ਰਾਹੀਂ ਖਿਡਾਰੀ ਦੇਸ਼-ਵਿਦੇਸ਼ ਦੇ ਕਿਸੇ ਵੀ ਕੋਨੇ ਤੋਂ ਖੇਡਾਂ ਸਬੰਧੀ ਜਾਣਕਾਰੀ ਅਤੇ ਸਹੂਲਤਾਂ ਹਾਸਲ ਕਰ ਸਕਣਗੇ।

ਇਸ ਮੌਕੇ ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਸੈਕਟਰ-42 ਵਿੱਚ 43 ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਯੁਵਾ ਭਵਨ ਦਾ ਵਰਚੂਅਲ ਨੀਂਹ ਪੱਥਰ ਵੀ ਰੱਖਿਆ। ਇਸ ਯੁਵਾ ਭਵਨ ਵਿੱਚ 200 ਨੌਜਵਾਨਾਂ ਲਈ ਹੋਸਟਲ, 400 ਸੀਟਾਂ ਵਾਲਾ ਆਡੀਟੋਰੀਅਮ, ਕਾਨਫਰੰਸ ਹਾਲ ਅਤੇ ਹੋਰ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ।

ਸਮਾਗਮ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਸਮੇਤ ਕਈ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵੱਡੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹਾਕੀ, ਨਿਸ਼ਾਨੇਬਾਜ਼ੀ, ਵੁਸ਼ੂ, ਪੈਰਾ-ਪਾਵਰਲਿਫਟਿੰਗ ਅਤੇ ਹੋਰ ਖੇਡਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਮੁੱਖ ਮੰਤਰੀ ਨੇ ਖਿਡਾਰੀਆਂ ਦੇ ਮਾਪਿਆਂ ਅਤੇ ਪਰਿਵਾਰਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਚੈਂਪੀਅਨ ਦੇ ਪਿੱਛੇ ਮਾਪਿਆਂ ਦੀਆਂ ਕੁਰਬਾਨੀਆਂ ਅਤੇ ਅਟੁੱਟ ਹੌਸਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਨਵੀਆਂ ਉੱਚਾਈਆਂ ਤੱਕ ਲੈ ਜਾਣ ਅਤੇ ਪੰਜਾਬ ਨੂੰ ਦੇਸ਼ ਦੀ ਖੇਡ ਰਾਜਧਾਨੀ ਬਣਾਉਣ ਲਈ ਵਚਨਬੱਧ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here